ਪਰਿਭਾਸ਼ਾ: ਜਿਨ੍ਹਾਂ ਸ਼ਬਦਾਂ ਰਾਹੀਂ ਸਾਨੂੰ ਕਿਸੇ ਵਿਅਕਤੀ, ਵਸਤੂ ਜਾਂ ਸਥਾਨ ਦਾ ਗਿਆਨ ਹੋਵੇ ਉਹਨਾਂ ਸ਼ਬਦਾਂ ਨੂੰ ਨਾਂਵ ਕਿਹਾ ਜਾਂਦਾ ਹੈ।
ਨਾਂਵ ਦੀਆਂ ਕਿਸਮਾਂ: ਨਾਂਵ ਦੀਆਂ ਕੁੱਲ ਪੰਜ ਕਿਸਮਾਂ ਹਨ। ਖ਼ਾਸ ਨਾਂਵ, ਆਮ ਨਾਂਵ, ਇਕੱਠਵਚਕ ਨਾਂਵ, ਵਸਤੂ ਵਾਚਕ ਨਾਂਵ, ਭਾਵਵਾਚਕ ਨਾਂਵ
1. ਖ਼ਾਸ ਨਾਂਵ/ ਨਿੱਜਵਾਚਕ ਨਾਂਵ : ਜਿਹੜੇ ਸ਼ਬਦ ਤੋਂ ਸਾਨੂੰ ਕਿਸੇ ਖ਼ਾਸ ਵਿਅਕਤੀ, ਖ਼ਾਸ ਜੀਵ, ਖ਼ਾਸ ਥਾਂ ਜਾਂ ਖ਼ਾਸ ਵਸਤੂ ਦਾ ਗਿਆਨ ਹੁੰਦਾ ਹੈ, ਉਸ ਨੂੰ ਖ਼ਾਸ ਨਾਂਵ ਜਾਂ ਨਿੱਜਵਾਚਕ ਨਾਂਵ ਕਿਹਾ ਜਾਂਦਾ ਹੈ। ਜਿਵੇਂ:- ਗੁਰਦੀਪ, ਅੰਮ੍ਰਿਤਸਰ, ਸਤਲੁਜ, ਚੰਡੀਗੜ੍ਹ, ਗੁਰੂ ਨਾਨਕ ਦੇਵ ਜੀ, ਹਰਿਆਣਾ, ਪੰਜਾਬ ਆਦਿ।
2. ਆਮ ਨਾਂਵ / ਜਾਤੀਵਾਚਕ ਨਾਂਵ : ਜਿਹੜੇ ਸ਼ਬਦ ਕਿਸੇ ਵਸਤੂ, ਜੀਵ ਜਾਂ ਸਥਾਨ ਦੀ ਪੂਰੀ ਜਾਤੀ ਜਾਂ ਸ਼੍ਰੇਣੀ ਦਾ ਬੋਧ ਕਰਾਉਣ ਉਹਨਾਂ ਨੂੰ ਆਮ ਨਾਂਵ ਜਾਂ ਜਾਤੀ ਵਾਚਕ ਨਾਂਵ ਕਿਹਾ ਜਾਂਦਾ ਹੈ, ਜਿਵੇਂ :- ਪੁਸਤਕ, ਮਨੁੱਖ, ਸ਼ਹਿਰ, ਮਨੁੱਖ, ਭੈਣ, ਮੁੰਡਾ, ਮਾਂ, ਬਾਪ, ਗਾਂ, ਪਸ਼ੂ, ਸ਼ਹਿਰ, ਦਰਿਆ ਆਦਿ।
3.ਇੱਕਠਵਾਚਕ ਨਾਂਵ / ਸਮੂਹਵਾਚਕ ਨਾਂਵ : ਜਿਹੜੇ ਸ਼ਬਦ ਵਿਅਕਤੀਆਂ, ਜੀਵਾਂ ਜਾਂ ਗਿਣੀਆਂ ਜਾਣ ਵਾਲੀਆਂ ਵਸਤੂਆਂ ਦੇ ਇੱਕਠ ਜਾਂ ਸਮੂਹ ਲਈ ਵਰਤੇ ਜਾਣ ਉਹਨਾਂ ਨੂੰ ਇਕੱਠਵਾਚਕ ਨਾਂਵ ਜਾਂ ਸਮੂਹਵਾਚਕ ਨਾਂਵ ਕਿਹਾ ਜਾਂਦਾ ਹੈ। ਜਿਵੇਂ: ਫ਼ੌਜ, ਸ਼ੇ੍ਰਣੀ, ਟੀਮ, ਟੋਲੀ, ਜਥਾ, ਜੰਞ, ਵੱਗ, ਹੇੜ੍ਹ, ਡਾਰ, ਢੇਰ ਆਦਿ।
4. ਵਸਤੂ ਵਾਚਕ ਨਾਂਵ /ਪਦਾਰਥਵਾਚਕ ਨਾਂਵ : ਜਿਹੜੇ ਸ਼ਬਦ ਤੋਲੀਆਂ ਜਾਂ ਮੀਣਿਆਂ ਜਾ ਸਕਣ ਵਾਲੀਆਂ ਵਸਤੂਆਂ ਲਈ ਵਰਤੇ ਜਾਣ ਉਹਨਾਂ ਨੂੰ ਵਸਤੂਵਾਚਕ ਨਾਂਵ ਜਾਂ ਪਦਾਰਥਵਾਚਕ ਨਾਂਵ ਕਿਹਾ ਜਾਂਦਾ ਹੈ, ਜਿਵੇਂ : ਰੇਤ, ਪੱਥਰ, ਗੁੜ, ਸੱਕਰ, ਦੁੱਧ, ਪਾਣੀ, ਤੇਲ, ਸੋਨਾ, ਲੋਹਾ, ਕਣਕ, ਚੌਲ ਆਦਿ
5. ਭਾਵਵਾਚਕ ਨਾਂਵ: ਜਿਹਨਾਂ ਚੀਜਾਂ ਨੂੰ ਨਾ ਗਿਣਿਆ ਮੀਣਿਆਂ ਜਾ ਸਕੇ ਨਾ ਤੋਲਿਆ ਜਾ ਸਕੇ ਅਤੇ ਨਾ ਹੀ ਵੇਖਿਆ ਜਾਂ ਛੂਹਿਆ ਜਾ ਸਕੇ ਕੇਵਲ ਮਹਿਸੂਸ ਕੀਤਾ ਜਾ ਸਕੇ ਉਹਨਾਂ ਨੂੰ ਭਾਵਵਾਚਕ ਨਾਂਵ ਕਿਹਾ ਜਾਂਦਾ ਹੈ। ਜਿਵੇਂ: ਸੁੰਦਰਤਾ, ਸਿਹਤ, ਗ਼ੁਲਾਮੀ, ਗ਼ਰੀਬੀ, ਬਿਮਾਰੀ, ਖ਼ੁਸ਼ੀ, ਸੁੱਖ, ਦੁੱਖ , ਬਚਪਨ, ਬੁਢੇਪਾ, ਪਿਆਰ ਆਦਿ