ਸੂਬਾ ਪੱਧਰੀ ਤਿਮਾਹੀ ਬੈਠਕ ਜ਼ਿਲ੍ਹਾ ਕੈਥਲ ਵਿਖੇ ਕੀਤੀ ਗਈ।

ਪੰਜਾਬੀ ਅਧਿਆਪਕ ਅਤੇ ਭਾਸ਼ਾ ਪ੍ਰਚਾਰ ਪ੍ਰਸਾਰ ਸੁਸਾਇਟੀ, ਹਰਿਆਣਾ ਦੀ ਸੂਬਾ ਪੱਧਰੀ ਤਿਮਾਹੀ ਬੈਠਕ 8 ਦਿਸੰਬਰ 2024 ਦਿਨ ਐਤਵਾਰ ਨੂੰ ਜ਼ਿਲ੍ਹਾ ਕੈਥਲ ਵਿਖੇ ਕੀਤੀ ਗਈ। ਡਾ. ਹਰਜੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਕੀਤੀ ਗਈ ਇਸ ਮੀਟਿੰਗ ਵਿੱਚ ਪੰਜਾਬੀ ਭਾਸ਼ਾ ਦੇ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਅਤੇ ਉਨਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਅਧਿਆਪਕ ਸਾਥੀਆਂ ਵੱਲੋਂ ਵਿਚਾਰ ਸਾਂਝੇ ਕੀਤੇ ਗਏ। ਹਰਿਆਣੇ ਵਿੱਚ ਪੰਜਾਬੀ ਨੂੰ ਤੀਜੀ ਜਮਾਤ ਤੋਂ ਲਾਗੂ ਕਰਨ ਅਤੇ ਤ੍ਰੈ-ਭਾਸ਼ਾ ਫਾਰਮੂਲਾ ਲਾਗੂ ਕਰਨ ਤੋਂ ਲੈ ਕੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਪੰਜਾਬੀ ਦੇ ਸਿਲੇਬਸ ਵਿਚਲੀਆਂ ਖ਼ਾਮੀਆਂ ਉੱਤੇ ਬੜੇ ਵਿਸਥਾਰ ਨਾਲ ਚਰਚਾ ਕੀਤੀ ਗਈ ਅਤੇ ਸੀ.ਬੀ.ਐਸ.ਸੀ. ਦੇ ਪੰਜਾਬੀ ਦੇ ਸਲੇਬਸ ਨੂੰ ਹੂਬਹੂ ਹਰਿਆਣਾ ਬੋਰਡ ਵਿੱਚ ਲਾਗੂ ਕਰਨ ਲਈ ਵਿਚਾਰ ਚਰਚਾ ਕੀਤੀ ਗਈ। ਪੰਜਾਬੀ ਅਧਿਆਪਕਾਂ ਤੋਂ ਪੰਜਾਬੀ ਲੈਕਚਰਾਰ ਦੀ ਪ੍ਰਮੋਸ਼ਨ ਨੂੰ ਲੈ ਕੇ ਵੀ ਬੜੀ ਗੰਭੀਰਤਾ ਦੇ ਨਾਲ ਵਿਚਾਰ ਚਰਚਾ ਹੋਈ ਜਿਸ ਵਿੱਚ ਕੁਰੂਕਸ਼ੇਤਰ ਤੋਂ ਗੀਤਾ ਰਾਣੀ ਨੇ ਆਪਣੇ ਵਿਚਾਰ ਰੱਖੇ ਅਤੇ ਪ੍ਰਮੋਸ਼ਨ ਨਾ ਹੋਣ ਦੇ ਕਾਰਨਾਂ ਨੂੰ ਸਾਂਝਾ ਕੀਤਾ। ਸੂਬਾ ਕਮੇਟੀ ਦੇ ਜਨਰਲ ਸਕੱਤਰ ਸੁਨੀਲ ਕੁਮਾਰ ਗੋਇਲ ਵੱਲੋਂ ਪੰਜਾਬੀ ਅਧਿਆਪਕ ਅਤੇ ਭਾਸ਼ਾ ਪ੍ਰਚਾਰ ਪ੍ਰਸਾਰ ਸੁਸਾਇਟੀ ਦੇ ਸਵਿਧਾਨ ਦਾ ਖਰੜਾ ਪੜ੍ਹ ਕੇ ਸੁਣਾਇਆ ਗਿਆ ਅਤੇ ਇਸ ਵਿਚਲੀਆਂ ਖ਼ਾਮੀਆਂ ਉਪਰ ਬੈਠਕ ਵਿੱਚ ਮੌਜੂਦ ਮੈਂਬਰਾਂ ਵੱਲੋਂ ਬੜੀ ਗੰਭੀਰਤਾ ਨਾਲ ਚਰਚਾ ਕੀਤੀ ਗਈ । ਤਕਨੀਕੀ ਕਮੇਟੀ ਦੇ ਕੋਆਰਡੀਨੇਟਰ ਜਗਦੀਪ ਮੁਲਤਾਨੀ ਨੇ ਜ਼ਿਲ੍ਹਿਆਂ ਨੂੰ ਡਾਟਾ ਇਕੱਠਾ ਕਰਨ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਨੂੰ ਦੂਰ ਕਰਕੇ ਡਾਟਾ ਇਕੱਠਾ ਕਰਨ ਦਾ ਤਰੀਕਾ ਦੱਸਿਆ ਅਤੇ ਕਿਹਾ ਕਿ ਜ਼ਿਲ੍ਹਿਆਂ ਵੱਲੋਂ ਜਲਦ ਡਾਇਰੈਕਟਰੀ ਦਾ ਕੰਮ ਪੂਰਾ ਕਰਕੇ ਸੂਬਾ ਕਮੇਟੀ ਦੇ ਸਪੁਰਦ ਕੀਤਾ ਜਾਵੇਗਾ।  ਅਖ਼ੀਰ ਵਿਚ ਸੂਬਾ ਪ੍ਰਧਾਨ ਡਾ. ਹਰਜੀਤ ਸਿੰਘ ਗਿੱਲ ਨੇ ਉਪਰੋਕਤ ਵਿਚਾਰੇ ਗਏ ਮੁੱਦਿਆਂ ਉੱਤੇ ਆਪਣੇ ਵਿਚਾਰ ਪੇਸ਼ ਕਰਦਿਆਂ ਇਹਨਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਵਿਭਾਗ ਅਤੇ ਸਰਕਾਰ ਨਾਲ ਗੱਲਬਾਤ ਕਰਨ ਦਾ ਹਵਾਲਾ ਦਿੱਤਾ। ਇਸ ਮੀਟਿੰਗ ਵਿੱਚ ਸੂਬਾ ਪ੍ਰਧਾਨ ਡਾ. ਹਰਜੀਤ ਸਿੰਘ ਗਿੱਲ, ਸੂਬਾ ਸਕੱਤਰ ਸੁਨੀਲ ਕੁਮਾਰ ਗੋਇਲ, ਸੂਬਾ ਖ਼ਜ਼ਾਨਚੀ ਬਲਬੀਰ ਸਿੰਘ, ਸ੍ਰ. ਪੂਰਨ ਸਿੰਘ ਵੜੈਚ, ਇੰਦਰਜੀਤ ਸਿੰਘ ਭੱਟੀ, ਡਾ. ਕਰਨੈਲ ਚੰਦ ਬੈਂਸ,  ਤੋਂ ਇਲਾਵਾ ਜ਼ਿਲ੍ਹਿਆਂ ਵੱਲੋਂ ਪ੍ਰਧਾਨ ਅਤੇ ਹੋਰ ਸਾਥੀ ਸ਼ਾਮਿਲ ਰਹੇ।

Post a Comment

Previous Post Next Post