ਖ਼ਾਲੀ ਪਈਆਂ ਪੰਜਾਬੀ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਜਲਦ ਭਰਿਆ ਜਾਵੇ-ਸੂਬਾ ਪ੍ਰਧਾਨ ਡਾ. ਹਰਜੀਤ ਸਿੰਘ ਗਿੱਲ


ਪੰਜਾਬੀ ਅਧਿਆਪਕ ਅਤੇ ਭਾਸ਼ਾ ਪ੍ਰਚਾਰ ਪ੍ਰਸਾਰ ਸੁਸਾਇਟੀ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਡਾ. ਹਰਜੀਤ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਗੁਰੂਦੁਆਰਾ ਸ਼੍ਰੀ ਨਿੰਮ ਸਾਹਿਬ ਕੈਥਲ ਵਿਖੇ ਹੋਈ। ਇਸ ਮੀਟਿੰਗ ਵਿੱਚ ਪੂਰੇ ਹਰਿਆਣਾ ਤੋਂ ਵੱਖ-ਵੱਖ ਜ਼ਿਲ੍ਹਿਆਂ ਦੇ ਪੰਜਾਬੀ ਅਧਿਆਪਕ ਇਕੱਠੇ ਹੋਏ। ਸੂਬਾ ਸਕੱਤਰ ਸੁਨੀਲ ਗੋਇਲ ਵੱਲੋਂ ਮੰਚ ਸੰਚਾਲਨ ਕਰਦਿਆਂ ਮੀਟਿੰਗ ਦਾ ਏਜੰਡਾ ਪੇਸ਼ ਕੀਤਾ ਅਤੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਧਾਉਣ ਉੱਪਰ ਜੋਰ ਦਿੱਤਾ। ਕੈਥਲ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਸਰਾਓਂ ਨੇ ਪਹੁੰਚੇ ਪੰਜਾਬੀ ਅਧਿਆਪਕਾਂ ਦਾ ਸਵਾਗਤ ਕੀਤਾ। ਸੂਬਾ ਪ੍ਰਧਾਨ ਡਾ. ਹਰਜੀਤ ਸਿੰਘ ਗਿੱਲ ਨੇ ਸੰਗਠਨ ਦੀਆਂ ਪ੍ਰਾਪਤੀਆਂ ਅਤੇ ਟੀਚਿਆਂ ਦੀ ਰਿਪੋਰਟ ਪੜ੍ਹੀ ਅਤੇ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਕਿ ਹਰਿਆਣਾ ਦੇ ਸਰਕਾਰੀ ਸਕੂਲਾਂ ਵਿੱਚ ਲਗਭਗ 300 ਦੇ ਕਰੀਬ ਟੀ. ਜੀ. ਟੀ. ਪੰਜਾਬੀ ਦੀਆਂ ਪੋਸਟਾਂ ਖ਼ਾਲੀ ਪਈਆਂ ਹਨ ਅਤੇ ਤ੍ਰੈ-ਭਾਸ਼ਾ ਲਾਗੂ ਹੋਣ ਨਾਲ਼ ਪੰਜਾਬੀ ਪੜ੍ਹਨ ਵਾਲੇ ਬੱਚਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਪਰ ਪੰਜਾਬੀ ਅਧਿਆਪਕਾਂ ਦੀ ਘਾਟ ਕਾਰਨ ਪੰਜਾਬੀ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਜਲਦ ਤੋਂ ਜਲਦ ਖ਼ਾਲੀ ਪਈਆਂ ਪੰਜਾਬੀ ਅਧਿਆਪਕਾਂ ਅਤੇ ਪੰਜਾਬੀ ਲੈਕਚਰਾਰ ਦੀਆਂ ਅਸਾਮੀਆਂ ਨੂੰ ਪ੍ਰੋਮੋਸ਼ਨਾਂ ਅਤੇ ਨਵੀਂ ਭਾਰਤੀ ਰਾਹੀਂ ਜਲਦ ਭਰਿਆ ਜਾਵੇ। ਸੂਬਾ ਖ਼ਜ਼ਾਨਚੀ ਬਲਵੀਰ ਸਿੰਘ ਸਿਰਸਾ ਨੇ ਪਾਠਕ੍ਰਮ ਉੱਪਰ ਚਰਚਾ ਕਰਦਿਆਂ ਇਸ ਸੈਸ਼ਨ ਤੋਂ ਹਰਿਆਣਾ ਸਿੱਖਿਆ ਬੋਰਡ ਭਿਵਾਨੀ ਵੱਲੋਂ ਨੌਂਵੀ ਤੋਂ ਬਾਰ੍ਹਵੀਂ ਤੱਕ ਪੰਜਾਬੀ ਵਿਸ਼ੇ ਦਾ ਸੀ.ਬੀ.ਐੱਸ.ਈ. ਵਾਲਾ ਪਾਠਕ੍ਰਮ ਲਾਗੂ ਕਰਨ ਦੇ ਪ੍ਰਸਤਾਵਿਤ ਏਜੰਡੇ ਦਾ ਸਵਾਗਤ ਕਰਦਿਆਂ ਕਿਹਾ ਕਿ ਪਹਿਲਾਂ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਅਤੇ ਪੇਪਰ ਡਿਜ਼ਾਈਨ ਵਿੱਚ ਕਾਫੀ ਤਰੁਟੀਆਂ ਸਨ, ਜਿਸ ਦੀ ਅਗਲੇਰੇ ਸਮੇਂ ਵਿੱਚ ਅਧਿਕਾਰੀਆਂ ਨਾਲ਼ ਮੀਟਿੰਗ ਕਰ ਕੇ ਸੋਧ ਕਰਨ ਦੀ ਮੰਗ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸੰਗਠਨ ਦੇ ਸਰਪ੍ਰਸਤ ਪੂਰਨ ਸਿੰਘ ਵੜੈਚ, ਜਗਦੀਪ ਮੁਲਤਾਨੀ, ਡਾ. ਗੁਰਦੀਪ, ਡਾ. ਨਾਇਬ ਸਿੰਘ ਮੰਡੇਰ, ਬੂਟਾ ਸਿੰਘ, ਕੁਲਵਿੰਦਰ ਸਿੰਘ ਪਦਮ, ਹੰਸ ਰਾਜ ਨੇ ਵੀ ਸੰਬੋਧਨ ਕੀਤਾ ਅਤੇ ਹਰਿਆਣਾ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਕਿ ਟੀ. ਜੀ. ਟੀ. ਪੰਜਾਬੀ ਅਧਿਆਪਕਾਂ ਦੀ ਸੀਨੀਆਰਟੀ ਨੂੰ ਦੁਰਸਤ ਕਰਵਾਇਆ ਜਾਵੇ ਅਤੇ ਵਿਭਾਗ ਵੱਲੋਂ ਅਧਿਆਪਕਾਂ ਦੇ ਜਲਦ ਤਬਾਦਲੇ ਕੀਤੇ ਜਾਣ ਅਤੇ ਤਬਾਦਲਿਆਂ ਦੌਰਾਨ ਕਿਸੇ ਪੰਜਾਬੀ ਅਧਿਆਪਕ ਦੀ ਪੋਸਟ ਨੂੰ ਕੈਪਟ ਨਾ ਕੀਤਾ ਜਾਵੇ। ਇਸ ਮੌਕੇ ਸੰਗਠਨ ਵੱਲੋਂ ਸੇਵਾ ਮੁਕਤ ਹੋਏ ਸੂਬਾ ਕਨਵੀਨਰ ਡਾ. ਨਾਇਬ ਸਿੰਘ ਮੰਡੇਰ, ਪ੍ਰਿੰਸੀਪਲ ਬਣੇ ਹੰਸ ਰਾਜ, ਡਾ. ਕਰਨੈਲ ਚੰਦ, ਭਾਸ਼ਾ ਵਿਭਾਗ ਗ੍ਰਹਿ ਮੰਤਰਾਲੇ ਵਿੱਚ ਸਹਾਇਕ ਡਾਇਰੈਕਟਰ ਦੇ ਅਹੁਦੇ ਉੱਪਰ ਪਹੁੰਚੇ ਉਮੀਤ ਸਿੰਘ ਅਤੇ ਸਹਾਇਕ ਪ੍ਰੋਫੈਸਰ ਬਣੇ ਜਗਦੀਪ ਮੁਲਤਾਨੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਦੇ ਅਗਲੇਰੇ ਸੁਨਿਹਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਸੰਗਠਨ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਮੇਜਰ ਸਿੰਘ ਗੂਹਲਾ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸਰੂਪ ਭੇਟ ਕੀਤਾ ਗਿਆ ਅਤੇ ਪੰਜਾਬੀ ਵਿਸ਼ੇ ਨਾਲ਼ ਸੰਬੰਧਿਤ ਵੱਖ-ਵੱਖ ਮੁਕਾਬਲਿਆਂ ਵਿੱਚ ਰਾਜ ਪੱਧਰ ਉੱਤੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀਆਂ ਕੈਥਲ ਜ਼ਿਲ੍ਹੇ ਦੀਆਂ ਵਿਦਿਆਰਥਣਾਂ ਚਰਨਜੀਤ ਕੌਰ, ਗਗਨਦੀਪ ਕੌਰ ਅਤੇ ਉਹਨਾਂ ਦੇ ਅਧਿਆਪਕ ਹਰਜਿੰਦਰ ਸਿੰਘ ਜੰਮੂ ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਸ਼ਮੀਰ ਸਿੰਘ, ਹੀਰਾ ਸਿੰਘ, ਭੁਪਿੰਦਰ ਸਿੰਘ, ਗੁਰਨਾਮ ਸਿੰਘ, ਲਖਵੀਰ ਸਿੰਘ, ਦਲਜੀਤ ਸਿੰਘ, ਸੁਰਿੰਦਰਪਾਲ, ਮਹਿੰਦਰਪਾਲ, ਰਜਿੰਦਰ ਸਿੰਘ ਸਹਿਤ ਹੋਰ ਅਹੁਦੇਦਾਰ ਅਤੇ ਪੰਜਾਬੀ ਅਧਿਆਪਕ ਵੀ ਹਾਜਰ ਰਹੇ।

Post a Comment

Previous Post Next Post