ਪੰਜਾਬੀ ਅਧਿਆਪਕ ਅਤੇ ਭਾਸ਼ਾ ਪ੍ਰਚਾਰ ਪ੍ਰਸਾਰ ਸੁਸਾਇਟੀ ਹਰਿਆਣਾ ਦਾ ਇੱਕ ਵਫ਼ਦ ਸੂਬਾ ਪ੍ਰਧਾਨ ਡਾ. ਹਰਜੀਤ ਸਿੰਘ ਗਿੱਲ ਦੀ ਅਗਵਾਈ ਵਿੱਚ, ਸਿੰਘ ਸਭਾ ਗੁਰਦੁਆਰਾ ਫਤਿਹਾਬਾਦ ਦੇ ਸਕੱਤਰ ਮਹਿੰਦਰ ਸਿੰਘ ਵਧਵਾ ਦੇ ਸਮਰਥਨ ਨਾਲ, ਦਿੱਲੀ ਸਰਕਾਰ ਦੇ ਖੁਰਾਕ ਅਤੇ ਸਪਲਾਈ, ਜੰਗਲਾਤ ਵਾਤਾਵਰਣ, ਉਦਯੋਗ ਮੰਤਰੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੂੰ ਮਿਲਿਆ। ਉਨ੍ਹਾਂ ਨੂੰ ਕੈਬਨਿਟ ਮੰਤਰੀ ਬਣਨ 'ਤੇ ਸੰਗਠਨ ਦੇ ਅਹੁਦੇਦਾਰਾਂ ਵੱਲੋਂ ਵਧਾਈ ਦਿੱਤੀ ਗਈ। ਸੰਗਠਨ ਦੇ ਸੂਬਾ ਜਨਰਲ ਸਕੱਤਰ ਸੁਨੀਲ ਗੋਇਲ ਨੇ ਮੰਗ ਕੀਤੀ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਦਾ ਮੁੱਖ ਬਿੰਦੂ, ਤ੍ਰੈ-ਭਾਸ਼ਾਈ ਫਾਰਮੂਲਾ ਹਰਿਆਣਾ ਸਰਕਾਰ ਦੁਆਰਾ ਹਰਿਆਣਾ ਸਕੂਲ ਸਿੱਖਿਆ ਬੋਰਡ ਭਿਵਾਨੀ ਦੇ ਸਕੂਲਾਂ ਵਿੱਚ ਲਾਗੂ ਕਰ ਦਿੱਤਾ ਗਿਆ ਹੈ। ਸੀਬੀਐੱਸਈ ਅਧੀਨ ਸਕੂਲਾਂ ਲਈ ਜਾਰੀ ਕੀਤੇ ਗਏ ਖਰੜੇ ਵਿੱਚ ਤ੍ਰੈ-ਭਾਸ਼ਾਈ ਫਾਰਮੂਲਾ ਮੁੱਖ ਬਿੰਦੂ ਸੀ। ਇਸ ਖਰੜੇ ਨੂੰ ਇਸ ਸੈਸ਼ਨ ਤੋਂ ਲਾਗੂ ਨਹੀਂ ਕੀਤਾ ਗਿਆ ਹੈ। ਤ੍ਰੈ-ਭਾਸ਼ਾਈ ਫਾਰਮੂਲੇ ਨੂੰ ਲਾਗੂ ਕਰਨ ਨਾਲ, ਵਿਦਿਆਰਥੀ ਅੰਗਰੇਜ਼ੀ, ਹਿੰਦੀ ਭਾਸ਼ਾ ਦੇ ਨਾਲ-ਨਾਲ ਪੰਜਾਬੀ ਭਾਸ਼ਾ ਅਤੇ ਹੋਰ ਭਾਰਤੀ ਸਥਾਨਕ ਭਾਸ਼ਾਵਾਂ ਨੂੰ ਤੀਜੀ ਭਾਸ਼ਾ ਵਜੋਂ ਪੜ੍ਹ ਸਕਣਗੇ। ਇਸ ਲਈ ਆਉਣ ਵਾਲੇ ਸੈਸ਼ਨ ਤੋਂ ਸੀਬੀਐੱਸਈ ਸਕੂਲਾਂ ਵਿੱਚ ਤ੍ਰੈ-ਭਾਸ਼ਾਈ ਫਾਰਮੂਲਾ ਲਾਗੂ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਮੰਗ ਕੀਤੀ ਕਿ ਜਵਾਹਰ ਨਵੋਦਿਆ ਵਿਦਿਆਲਿਆ ਅਤੇ ਕੇਂਦਰੀ ਵਿਦਿਆਲਿਆ ਸੰਗਠਨ ਸਕੂਲਾਂ ਦੇ ਨਾਲ-ਨਾਲ ਹੋਰ ਕੇਂਦਰੀ ਸਕੂਲਾਂ ਵਿੱਚ ਵੀ ਪੰਜਾਬੀ ਭਾਸ਼ਾ ਪੜ੍ਹਾਉਣ ਦਾ ਪ੍ਰਬੰਧ ਕੀਤਾ ਜਾਵੇ ਅਤੇ ਇਨ੍ਹਾਂ ਸਕੂਲਾਂ ਵਿੱਚ ਪੰਜਾਬੀ ਅਧਿਆਪਕਾਂ ਦੀਆਂ ਅਸਾਮੀਆਂ ਵੀ ਦਿੱਤੀਆਂ ਜਾਣ। ਸੂਬਾ ਪ੍ਰਧਾਨ ਡਾ. ਹਰਜੀਤ ਸਿੰਘ ਗਿੱਲ ਨੇ ਮੰਗ ਕੀਤੀ ਕਿ ਹਰਿਆਣਾ ਰਾਜ ਵਿੱਚ 2010 ਤੋਂ ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਦਾ ਦਰਜਾ ਹਾਸਿਲ ਹੈ ਪਰ ਹੁਣ ਤੱਕ ਇਸਨੂੰ ਅਮਲੀ ਤੌਰ 'ਤੇ ਲਾਗੂ ਨਹੀਂ ਕੀਤਾ ਗਿਆ ਹੈ। ਇਸ ਲਈ ਸੂਬੇ ਵਿੱਚ ਪੰਜਾਬੀ ਭਾਸ਼ਾ ਨੂੰ ਇਸਦਾ ਬਣਦਾ ਸਤਿਕਾਰ ਦਿੱਤਾ ਜਾਣਾ ਚਾਹੀਦਾ ਹੈ ਅਤੇ ਸੂਬੇ ਦੇ ਸਕੂਲਾਂ ਵਿੱਚ ਤੀਜੀ ਜਮਾਤ ਤੋਂ ਪੰਜਾਬੀ ਭਾਸ਼ਾ ਪੜ੍ਹਾਈ ਜਾਣੀ ਚਾਹੀਦੀ ਹੈ ਅਤੇ ਜਿਨ੍ਹਾਂ ਬੱਚਿਆਂ ਦੀ ਮਾਤ ਭਾਸ਼ਾ ਪੰਜਾਬੀ ਹੈ, ਉਨ੍ਹਾਂ ਨੂੰ ਪ੍ਰਾਇਮਰੀ ਸਿੱਖਿਆ ਪੰਜਾਬੀ ਵਿੱਚ ਦੇਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਮੰਗ ਕੀਤੀ ਕਿ ਹਰਿਆਣਾ ਦੇ ਪੰਜਾਬੀ ਬੋਲਣ ਵਾਲੇ ਜ਼ਿਲ੍ਹਿਆਂ ਦੇ ਸਾਰੇ ਸਕੂਲਾਂ ਵਿੱਚ ਪੰਜਾਬੀ ਲੈਕਚਰਾਰ ਅਤੇ ਪੰਜਾਬੀ ਅਧਿਆਪਕ ਦਾ ਅਹੁਦਾ ਦਿੱਤਾ ਜਾਵੇ ਅਤੇ ਆਉਣ ਵਾਲੀ ਤਬਾਦਲਾ ਪ੍ਰੀਕਿਰਿਆ ਵਿੱਚ ਪੰਜਾਬੀ ਲੈਕਚਰਾਰ ਜਾਂ ਪੰਜਾਬੀ ਅਧਿਆਪਕ ਦੀ ਕੋਈ ਪੋਸਟ ਕੈਪਟ ਨਾ ਕੀਤੀ ਜਾਵੇ।
ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਹਰ ਹਾਲਤ ਵਿੱਚ ਮਿਲੇਗਾ:ਮੰਤਰੀ ਮਨਜਿੰਦਰ ਸਿਰਸਾ
ਮੰਤਰੀ ਨੇ ਸੰਗਠਨ ਦੇ ਅਹੁਦੇਦਾਰਾਂ ਨੂੰ ਭਰੋਸਾ ਦਿੱਤਾ ਕਿ ਉਹ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅਤੇ ਸੀਬੀਐੱਸਈ ਦੇ ਚੇਅਰਮੈਨ ਨਾਲ ਗੱਲ ਕਰਕੇ ਉਪਰੋਕਤ ਮੰਗਾਂ ਦਾ ਹੱਲ ਜ਼ਰੂਰ ਕਰਵਾਉਣਗੇ। ਇਸ ਸਮੇਂ ਵਫ਼ਦ ਵਿੱਚ ਜਥੇਬੰਦੀ ਦੇ ਸੀਨੀਅਰ ਆਗੂ ਤਵਿੰਦਰ ਸਿੰਘ ਧਨੋਆ ਰੋਹਤਕ, ਡਾ: ਕੁਲਵਿੰਦਰ ਸਿੰਘ ਪਦਮ ਫ਼ਤਿਹਾਬਾਦ, ਮੇਹਰਬਾਨ ਸਿੰਘ ਸ਼ਾਹਬਾਦ, ਹਰਪ੍ਰੀਤ ਸਿੰਘ ਕਰਨਾਲ ਅਤੇ ਸਿੰਘ ਸਭਾ ਗੁਰਦੁਆਰਾ ਫਤਿਹਾਬਾਦ ਦੇ ਕਾਰਜਕਾਰਨੀ ਮੈਂਬਰ ਹਰਮਿੰਦਰ ਸਿੰਘ ਗਰੋਵਰ ਹਾਜ਼ਰ ਸਨ।
ਪੰਜਾਬੀ ਅਧਿਆਪਕ ਅਤੇ ਭਾਸ਼ਾ ਪ੍ਰਚਾਰ ਪ੍ਰਸਾਰ ਸੋਸਾਇਟੀ ਹਰਿਆਣਾ ਦਾ ਵਫਦ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੂੰ ਮੰਗ ਪੱਤਰ ਦੇਣ ਮੌਕੇ